ਬੈਂਤਾਂ ਸ਼ੇਰ ਸਿੰਘ ਕੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੈਂਤਾਂ ਸ਼ੇਰ ਸਿੰਘ ਕੀਆਂ (ਕਾਵਿ): ਇਹ ਕਵੀ ਨਿਹਾਲ ਸਿੰਘ ਦੀ ਰਚਨਾ ਹੈ। ਨਿਹਾਲ ਸਿੰਘ ਕੌਣ ਸੀ ? ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਮਿਲਦੀ। ਪਰ ਉਸ ਦੀ ਰਚਨਾ ਦੀ ਅੰਦਰਲੀ ਗਵਾਹੀ ਤੋਂ ਪਤਾ ਲਗਦਾ ਹੈ ਕਿ ਕਵੀ ਲਾਹੌਰ ਦਰਬਾਰ ਦੇ ਬਹੁਤ ਨੇੜੇ ਸੀ ਅਤੇ ਮਹਾਰਾਜਾ ਸ਼ੇਰ ਸਿੰਘ ਅਤੇ ਕੰਵਰ ਪ੍ਰਤਾਪ ਸਿੰਘ ਦਾ ਸਾਰਾ ਸਾਕਾ ਆਪਣੀ ਅੱਖੀਂ ਦੇਖ ਚੁਕਿਆ ਸੀ। ਇਸ ਰਚਨਾ ਵਿਚ ਸੰਧਾਵਾਲੀਏ ਸਰਦਾਰ ਅਜੀਤ ਸਿੰਘ ਅਤੇ ਲਹਿਣਾ ਸਿੰਘ ਦੁਆਰਾ ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਦੇ ਕਤਲ ਕੀਤੇ ਜਾਣ ਦੀ ਘਟਨਾ ਦਾ ਚਿਤ੍ਰਣ ਹੈ। ਇਸ ਆਧਾਰ’ਤੇ ਇਸ ਦੀ ਰਚਨਾ ਨੂੰ ਸੰਨ 1843 ਤੋਂ ਤੁਰਤ ਬਾਦ ਹੋਈ ਮੰਨਿਆ ਜਾ ਸਕਦਾ ਹੈ। ਕਵੀ ਨੇ ਇਸ ਰਚਨਾ ਨੂੰ ਸੀਹਰਫ਼ੀ ਕਾਵਿ-ਰੂਪ ਵਿਚ ਰਵਾਇਤੀ ਢੰਗ ਨਾਲ ਬਿਆਨ ਕੀਤਾ ਹੈ।

ਇਸ ਦੇ ਕੁਲ 34 ਬੰਦ ਹਨ ਅਤੇ ਹਰ ਬੰਦ ਵਿਚ ਚਾਰ ਚਾਰ ਤੁਕਾਂ ਹਨ। ਇਸ ਵਿਚ ਨ ਵੀਰ ਰਸ ਦਾ ਨਿਰੂਪਣ ਹੈ, ਨ ਹੀ ਕੋਈ ਹੋਰ ਕਾਵਿਕ ਵਿਸ਼ੇਸ਼ਤਾ ਹੈ। ਸਾਰਾ ਬ੍ਰਿੱਤਾਂਤ ਸਾਧਾਰਣ ਪੱਧਰ ਦਾ ਹੈ। ਬੋਲੀ ਪੰਜਾਬੀ ਹੈ, ਪਰ ਕਿਤੇ ਕਿਤੇ ਅਰਬੀ , ਫ਼ਾਰਸੀ ਤੋਂ ਇਲਾਵਾ ਯੋਰੁਪੀ ਭਾਸ਼ਾਵਾਂ ਦੇ ਸ਼ਬਦ ਵੀ ਮਿਲ ਜਾਂਦੇ ਹਨ। ਕਿਤੇ ਕਿਤੇ ਲੜਾਈ ਭਿੜਾਈ ਦੀ ਗੱਲ ਕਰ ਦਿੱਤੀ ਗਈ ਹੈ। ਜਿਵੇਂ ਸਿੰਘਾਂ ਦੇ ਹਮਲੇ ਬਾਰੇ ਲਿਖਦਾ ਹੈ:

ਹੁਕਮ ਕਰਤਾਰ ਦਾ ਆਣ ਹੋਇਆ

            ਕਿਲ੍ਹੇ ਆਣ ਤੋਪਾਂ ਸਿਰ ਡਾਂਹਵਦੇ ਨੀ

ਵਗਣ ਗੋਲੀਆਂ ਪੋਲੀਆਂ ਕਰਨ ਬਾਹੀਆਂ,

            ਸੰਜੋਆ ਚਾਇ ਸਿੰਘ ਵਰਤਾਂਵਦੇ ਨੀ

ਸਾਹਿਤ ਨਾਲੋਂ ਇਤਿਹਾਸ ਦੀ ਦ੍ਰਿਸ਼ਟੀ ਤੋਂ ਇਸ ਦਾ ਜ਼ਿਆਦਾ ਮਹੱਤਵ ਹੈ ਕਿਉਂਕਿ ਕਵੀ ਨੇ ਆਪ ਸਾਰੀਆਂ ਘਟਨਾਵਾਂ ਵੇਖੀਆਂ ਹਨ ਅਤੇ ਉਨ੍ਹਾਂ ਦਾ ਸਹੀ ਚਿਤ੍ਰਣ ਕੀਤਾ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.